ਚੰਡੀਗੜ੍ਹ: ਡੱਲੇਵਾਲ ਨੇ 26 ਨਵੰਬਰ ਨੂੰ ਮਰਨ ਵਰਤ ‘ਤੇ ਬੈਠਣ ਤੋਂ ਬਾਅਦ ਕੋਈ ਵੀ ਡਾਕਟਰੀ ਸਹਾਇਤਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ, ਪਰ 14 ਫਰਵਰੀ ਨੂੰ ਕੇਂਦਰ ਵੱਲੋਂ ਕਿਸਾਨਾਂ ਦੀਆਂ ਮੰਗਾਂ ‘ਤੇ ਗੱਲਬਾਤ ਦਾ ਸੱਦਾ ਮਿਲਣ ਤੋਂ ਬਾਅਦ ਉਹ ਡਾਕਟਰੀ ਸਹਾਇਤਾ ਲੈਣ ਲਈ ਰਾਜ਼ੀ ਹੋ ਗਏ ਸਨ । ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਚਿਕਿਤਸਾ ਸਹਾਇਤਾ ਲੈਣ ਦੇ ਬਾਅਦ ਖਨੌਰੀ ਵਿਰੋਧ ਸਥਲ ‘ਤੇ ਮਰਨ ਵਰਤ ‘ਤੇ ਬੈਠੇ 121 ਕਿਸਾਨਾਂ ਦੇ ਇੱਕ ਸਮੂਹ ਨੇ ਅੱਜ ਆਪਣਾ ਅਣਮਿੱਥੇ ਸਮੇਂ ਲਈ ਮਰਨ ਵਰਤ ਖਤਮ ਕਰ ਦਿੱਤਾ।
ਡਿਪਟੀ ਇੰਸਪੈਕਟਰ ਜਨਰਲ ਆਫ ਪੁਲਿਸ ਮਨਦੀਪ ਸਿੰਘ ਸਿੱਧੂ ਅਤੇ ਪਟਿਆਲਾ ਦੇ ਸੀਨੀਅਰ ਪੁਲਿਸ ਕਪਤਾਨ ਨਾਨਕ ਸਿੰਘ ਦੀ ਹਾਜ਼ਰੀ ਵਿੱਚ 121 ਕਿਸਾਨਾਂ ਨੇ ਜੂਸ ਪੀ ਕੇ ਮਰਨ ਵਰਤ ਸਮਾਪਤ ਕੀਤਾ। ਕੇਂਦਰੀ ਖੇਤੀਬਾੜੀ ਮੰਤਰਾਲੇ ਦੀ ਸੰਯੁਕਤ ਸਕੱਤਰ ਪ੍ਰਿਆ ਰੰਜਨ ਦੀ ਅਗਵਾਈ ਹੇਠ ਇੱਕ ਉੱਚ ਪੱਧਰੀ ਕੇਂਦਰੀ ਵਫ਼ਦ ਨੇ ਬੀਤੇ ਦਿਨ ਕਿਸਾਨ ਆਗੂ ਡੱਲੇਵਾਲ ਅਤੇ ਸਾਂਝਾ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ ਅਤੇ ਅਤੇ 14 ਫਰਵਰੀ ਨੂੰ ਚੰਡੀਗੜ੍ਹ ਵਿਖੇ ਮੁੜ ਗੱਲਬਾਤ ਲਈ ਬੁਲਾਇਆ।
ਪ੍ਰਸਤਾਵਿਤ ਮੀਟਿੰਗ ਦੇ ਐਲਾਨ ਤੋਂ ਬਾਅਦ ਡੱਲੇਵਾਲ ਨੇ ਡਾਕਟਰੀ ਸਹਾਇਤਾ ਲੈਣ ਲਈ ਸਹਿਮਤੀ ਦਿੱਤੀ। ਇਸ ਤੋਂ ਬਾਅਦ ਡੱਲੇਵਾਲ ਨੇ ‘ਇੰਟਰਾਵੀਨਸ ਡਰਿੱਪ’ ਰਾਹੀਂ ਡਾਕਟਰੀ ਸਹਾਇਤਾ ਲਈ। ਉਧਰ, ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਨਹੀਂ ਦਿੱਤੀ ਜਾਂਦੀ, ਉਦੋਂ ਤੱਕ ਡੱਲੇਵਾਲ ਆਪਣਾ ਅਣਮਿੱਥੇ ਸਮੇਂ ਲਈ ਮਰਨ ਵਰਤ ਖ਼ਤਮ ਨਹੀਂ ਕਰਨਗੇ।