ਗਿੱਦੜਬਾਹਾ ਹਲਕੇ ਤੋਂ ਅਕਾਲੀ ਦਲ ਦੇ ਇੰਚਾਰਜ ਅਤੇ ਦਲ ਦੀ ਟਿਕਟ ’ਤੇ ਦੋ ਵਾਰ ਚੋਣ ਲੜ ਚੁੱਕੇ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਪਰਿਵਾਰ ਨੇ ਅੱਜ ਰਸਮੀ ਤੌਰ ’ਤੇ ਅਕਾਲੀ ਦਲ ਛੱਡਣ ਦਾ ਐਲਾਨ ਕਰ ਦਿੱਤਾ ਹੈ। ਡਿੰਪੀ ਢਿੱਲੋਂ ਦੇ ‘ਆਪ’ ਵਿੱਚ ਸ਼ਾਮਲ ਹੋਣ ਦੇ ਚਰਚੇ ਹਨ ਪਰ ਇਸ ਬਾਰੇ ਸਥਿਤੀ ਸਪਸ਼ਟ ਨਹੀਂ ਹੋ ਸਕੀ। ਜਾਣਕਾਰੀ ਅਨੁਸਾਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਪਾਰਟੀ ਦੀ ਮਜ਼ਬੂਤੀ ਲਈ ਗਿੱਦੜਬਾਹਾ ਹਲਕੇ ਦੇ ਪਿੰਡਾਂ ਵਿਚ ਪਿਛਲੇ ਦੋ ਹਫਤਿਆਂ ਤੋਂ ਤੂਫਾਨੀ ਦੌਰੇ ਕੀਤੇ ਗਏ ਸਨ ਪਰ ਗਿੱਦੜਬਾਹਾ ਜ਼ਿਮਨੀ ਚੋਣ ਬਾਦਲ ਪਰਿਵਾਰ ਦੇ ਕਿਸੇ ਜੀਅ ਨੂੰ ਲੜਾਏ ਜਾਣ ਦੀਆਂ ਚਰਚਾਵਾਂ ਅਕਾਲੀ ਦਲ ਨੂੰ ਮਹਿੰਗੀਆਂ ਪੈ ਗਈਆਂ ਹਨ।
ਸੁਖਬੀਰ ਬਾਦਲ ਵੱਲੋਂ ਪਿਛਲੇ ਦਿਨਾਂ ਤੋਂ ਹਲਕੇ ਦੇ ਅਕਾਲੀ ਵਰਕਰਾਂ ਨਾਲ ਬੈਠਕਾਂ ਕੀਤੀਆਂ ਜਾ ਰਹੀਆਂ ਸਨ। ਉਸ ਵੇਲੇ ਡਿੰਪੀ ਢਿੱਲੋਂ ਉਨ੍ਹਾਂ ਨਾਲ ਸਨ ਪਰ ਕਿਸੇ ਵੀ ਬੈਠਕ ਵਿੱਚ ਸੁਖਬੀਰ ਵੱਲੋਂ ਡਿੰਪੀ ਢਿੱਲੋਂ ਨੂੰ ਅਕਾਲੀ ਦਲ ਦੇ ਉਮੀਦਵਾਰ ਵਜੋਂ ਪੇਸ਼ ਨਹੀਂ ਕੀਤਾ ਗਿਆ ਸੀ। ਦੂਜੇ ਪਾਸੇ ਚਰਚਾ ਹੈ ਕਿ ਹਰਦੀਪ ਸਿੰਘ ਢਿੱਲੋਂ ‘ਆਪ’ ਵਿੱਚ ਸ਼ਾਮਲ ਹੋ ਰਹੇ ਹਨ ਤੇ ‘ਆਪ’ ਵੱਲੋਂ ਉਨ੍ਹਾਂ ਨੂੰ ਗਿੱਦੜਬਾਹਾ ਹਲਕੇ ਤੋਂ ਚੋਣ ਲੜਾਈ ਜਾ ਸਕਦੀ ਹੈ। ਉਂਝ ਇਸ ਹਲਕੇ ਤੋਂ ‘ਆਪ’ ਉਮੀਦਵਾਰ ਵਜੋਂ ਰਾਜ ਬਲਵਿੰਦਰ ਸਿੰਘ ਮਰਾੜ ਦਾ ਨਾਮ ਚਰਚਾ ਵਿੱਚ ਸੀ। ਦੱਸਣਯੋਗ ਹੈ ਕਿ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਬਣਨ ਨਾਲ ਗਿੱਦੜਬਾਹਾ ਦੀ ਸੀਟ ਖਾਲੀ ਹੋਈ ਹੈ ਜਿਸ ਕਾਰਨ ਇਥੇ ਜ਼ਿਮਨੀ ਚੋਣ ਹੋਵੇਗੀ। ਸ੍ਰੀ ਵੜਿੰਗ ਇਥੋਂ ਤਿੰਨ ਵਾਰ ਵਿਧਾਇਕ ਬਣ ਚੁੱਕੇ ਹਨ। ਇਸ ਤੋਂ ਇਲਾਵਾ ਪੰਜਾਬ ਵਿਚ ਤਿੰਨ ਹੋਰ ਵਿਧਾਨ ਸਭਾ ਸੀਟਾਂ ’ਤੇ ਜ਼ਿਮਨੀ ਚੋਣਾਂ ਹੋਣਗੀਆਂ।