ਕੋਲਕਾਤਾ : ਦੋਸ਼ੀ ਖਿਲਾਫ ਸ਼ਿਕਾਇਤ ਇਹ ਸੀ ਕਿ ਉਹ ਮੈਡੀਕਲ ਕਾਲਜ ਤੇ ਹਸਪਤਾਲ ਗਿਆ ਅਤੇ ਉੱਥੇ ਸੈਮੀਨਾਰ ਰੂਮ ਵਿੱਚ ਆਰਾਮ ਕਰ ਰਹੀ ਲੇਡੀ ਡਾਕਟਰ ‘ਤੇ ਹਮਲਾ ਕਰਕੇ ਉਸਦੀ ਹੱਤਿਆ ਕਰ ਦਿੱਤੀ। ਇਸ ਮਾਮਲੇ ਵਿੱਚ ਮੁਲਜ਼ਮ ਸਿਵਲ ਵਲੰਟੀਅਰ ਸੰਜੇ ਰਾਏ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸੰਜੇ ਰਾਏ ਨੂੰ ਭਾਰਤੀ ਨਿਆਂ ਸੰਹਿਤਾ ਦੀ ਧਾਰਾ 64 (ਜਬਰ-ਜਨਾਹ), 66 (ਜਬਰ-ਜਨਾਹ ਤੋਂ ਬਾਅਦ ਮੌਤ) ਤੇ 103 (1) (ਕਤਲ) ਦੇ ਤਹਿਤ ਦੋਸ਼ੀ ਠਹਿਰਾਇਆ ਗਿਆ ਹੈ।
ਸਿਆਲਦਾਹ ਅਦਾਲਤ ਦੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਅਨਿਰਬਾਨ ਦਾਸ ਨੇ ਇਹ ਸਜ਼ਾ ਸੁਣਾਈ। ਸੀਬੀਆਈ ਦੇ ਵਕੀਲ ਨੇ ਮੌਤ ਦੀ ਸਜ਼ਾ ਦੀ ਮੰਗ ਕਰਦੇ ਹੋਏ ਕਿਹਾ ਕਿ ਸਜ਼ਾ ਨਾਲ ਸਮਾਜ ਵਿੱਚ ਭਰੋਸਾ ਬਹਾਲ ਹੋਵੇਗਾ, ਕਿਉਂਕਿ ਇਸ ਕੇਸ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪਰਿਵਾਰ ਦੇ ਵਕੀਲ ਨੇ ਮੰਗ ਕੀਤੀ ਕਿ ਫਾਂਸੀ ਦੀ ਬਜਾਏ ਕੋਈ ਹੋਰ ਸਜ਼ਾ ਦਿੱਤੀ ਜਾਵੇ।
ਸੰਜੇ ਜੋ ਕਿ ਇਸ ਕੇਸ ਦਾ ਇਕਲੌਤਾ ਮੁੱਖ ਦੋਸ਼ੀ ਸੀ, ਨੂੰ ਘਟਨਾ ਦੇ 162 ਦਿਨਾਂ ਬਾਅਦ ਤੇ ਸਿਆਲਦਾਹ ਅਦਾਲਤ ਵਿਚ 59 ਦਿਨਾਂ ਦੀ ਨਿਆਂਇਕ ਪ੍ਰਕਿਰਿਆ ਤੋਂ ਬਾਅਦ ਮੁਲਜ਼ਮ ਠਹਿਰਾਇਆ ਗਿਆ ਸੀ।