RSS

Advertisements

Advertisement
ਮੁੱਖ ਖਬਰਾਂ
ਸੋਨੀਆ ਗਾਂਧੀ ਨੂੰ ਚੌਥੀ ਵਾਰ ਕਾਂਗਰਸ ਦਾ ਪ੍ਰਧਾਨ ਚੁਣਿਆ
Sunday, 05 September 2010
ਨਵੀਂ ਿਦੱਲੀ, 3 ਸਤੰਬਰ (ਰਾਜਨੀਤੀ ਯੁਗ ਬਿਉਰੋ):: ਦੁਨੀਆਂ ਦੀਆਂ ਸਭ ਤੋਂ ਤਾਕਤਵਰ ਮਹਿਲਾ ਆਗੂਆਂ ਵਿਚ ਸ਼ੁਮਾਰ ਸੋਨੀਆ ਗਾਂਧੀ ਰਿਕਾਰਡ ਚੌਥੀ ਵਾਰ ਕਾਂਗਰਸ ਦੀ ਪ੍ਰਧਾਨ ਚੁਣੇ ਗਏ ਹਨ। ਪਾਰਟੀ ਦੇ ਕੇਂਦਰੀ ਚੋਣ ਬੋਰਡ ਦੇ ਪ੍ਰਧਾਨ ਆਸਕਰ ਫਰਨਾਂਡਿਜ਼ ਨੇ ਸ੍ਰੀਮਤੀ ਸੋਨੀਆ ਗਾਂਧੀ ਨੂੰ ਪ੍ਰਧਾਨ ਦੇ ਅਹੁਦੇ ਲਈ ਚੁਣੇ ਹੋਣ ਦਾ ਐਲਾਨ ਕੀਤਾ ਅਤੇ ਉਨ੍ਹਾਂ ਨੂੰ ਸਰਟੀਫ਼ਿਕੇਟ ਸੌਂਪਿਆ। ਪ੍ਰਧਾਨਗੀ ਅਹੁਦੇ ਦੀ ਚੋਣ ਲਈ ਸਿਰਫ਼ ਸੋਨੀਆ ਗਾਂਧੀ ਦੇ ਪੱਖ ਵਿਚ ਹੀ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਜਾਣ ਦੇ ਨਾਲ ਉਨ੍ਹਾਂ ਦਾ ਨਿਰਵਿਰੋਧ ਚੁਣਿਆ ਜਾਣਾ ਵੀਰਵਾਰ ਨੂੰ ਹੀ ਤੈਅ ਹੋ ਗਿਆ ਸੀ। ਸ੍ਰੀਮਤੀ ਗਾਂਧੀ 1998 ਤੋਂ ਲਗਾਤਾਰ ਪਾਰਟੀ ਪ੍ਰਧਾਨ ਚਲੇ ਆ ਰਹੇ ਹਨ। ਉਹ 125 ਸਾਲ ਪੁਰਾਣੀ ਪਾਰਟੀ ਦੇ ਪ੍ਰਧਾਨ ਅਹੁਦੇ 'ਤੇ ਸਭ ਤੋਂ ਲੰਮੇਂ ਸਮੇਂ ਤੱਕ ਰਹਿਣ ਦਾ ਰਿਕਾਰਡ ਪਹਿਲਾਂ ਹੀ ਬਣਾ ਚੁੱਕੇ ਹਨ। ਇਕ ਵਾਰ ਨੂੰ ਛੱਡ ਕੇ ਸ੍ਰੀਮਤੀ ਸੋਨੀਆ ਗਾਂਧੀ ਹਰ ਵਾਰ ਨਿਰਵਿਰੋਧ ਚੁਣੇ ਗਏ ਹਨ। ਉਨ੍ਹਾਂ ਨੂੰ ਪ੍ਰਧਾਨ ਅਹੁਦੇ ਦੀ ਚੋਣ ਵਿਚ ਇਕ ਵਾਰ ਜਿਤੇਂਦਰ ਪ੍ਰਸਾਦ ਨੇ ਚੁਣੌਤੀ ਦਿੱਤੀ ਸੀ, ਪਰ ਉਨ੍ਹਾਂ ਨੂੰ ਭਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਕ ਸਮੇਂ ਸਿਆਸਤ ਵਿਚ ਆਉਣ ਦੀ ਇੱਛਾ ਨਾ ਰੱਖਣ ਵਾਲੀ ਸੋਨੀਆ ਗਾਂਧੀ ਨੇ ਪਾਰਟੀ ਦੀ ਕਮਾਂਡ ਸੰਭਾਲਣ ਤੋਂ ਬਾਅਦ ਉਸ ਵਿਚ ਨਵੀਂ ਜਾਨ ਫੂਕ ਦਿੱਤੀ ਅਤੇ ਪਾਰਟੀ ਨੂੰ ਸੱਤਾ ਵਿਚ ਪਹੁੰਚਾਇਆ। ਉਨ੍ਹਾਂ ਨੇ ਇਕੱਲੇ ਚੱਲਣ ਦੀ ਨੀਤੀ ਤੋਂ ਹਟਦਿਆਂ ਪਾਰਟੀ ਨੂੰ ਗਠਜੋੜ ਦੀ ਸਿਆਸਤ ਨਾਲ ਜੋੜਿਆ ਜਿਸ ਦੇ ਚਲਦਿਆਂ ਕਾਂਗਰਸ ਅੱਠ ਸਾਲ ਬਾਅਦ 04 ਵਿਚ ਮੁੜ ਕੇਂਦਰ ਦੀ ਸੱਤਾ ਵਿਚ ਆਈ। ਉਸ ਸਮੇਂ ਸ੍ਰੀਮਤੀ ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਠੁਕਰਾ ਕੇ ਨਿਰਸਵਾਰਥ ਸਿਆਸਤ ਦੀ ਇਕ ਮਿਸਾਲ ਕਾਇਮ ਕੀਤੀ ਸੀ। ਸੋਨੀਆ ਦੇ ਮੁੜ ਪ੍ਰਧਾਨ ਚੁਣੇ ਜਾਣ 'ਤੇ ਦੇਸ਼ ਦੇ ਕਈ ਸੂਬਿਆਂ ਵਿਚ ਕਾਂਗਰਸੀ ਸਮਰਥਕਾਂ ਵਲੋਂ ਖੁਸ਼ੀ ਵਿਚ ਲੱਡੂ ਵੰਡੇ ਗਏ ਅਤੇ ਢੋਲ ਢਮੱਕਿਆਂ ਨਾਲ ਜਲੂਸ ਕੱਢੇ ਗਏ।
 
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਅਗਨ ਭੇਟ
Sunday, 05 September 2010
ਅੰਿਮ੍ਤਸਰ, 4 ਸਤੰਬਰ (ਰਾਜਨੀਤੀ ਯੁਗ ਬਿਉਰੋ):: ਜੰਡਿਆਲਾ ਗੁਰੂ ਇਲਾਕੇ ਵਿਚ ਪੈਂਦੇ ਪ੍ਰਸਿੱਧ ਕਸਬਾ ਗਹਿਰੀ ਮੰਡੀ ਦੇ ਗੁਰਦੁਆਰਾ ਬਾਬਾ ਜੀਵਨ ਸਿੰਘ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਪਾਵਨ ਸਰੂਪ ਅੱਗ ਨਾਲ ਸੜਨ ਦੀ ਦੁਖਦਾਈ ਸੂਚਨਾ ਮਿਲੀ ਹੈ। ਪਿੰਡ ਵਾਸੀ ਇਸ ਨੂੰ ਗੁਰਦੁਆਰਾ ਸਾਹਿਬ ਵਿਖੇ ਗ੍ਰੰਥੀ ਵਜੋਂ ਸੇਵਾ ਨਿਭਾਉਂਦੇ ਸਿੰਘ ਦੀ ਅਣਗਹਿਲੀ ਦਸ ਰਹੇ ਹਨ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਜਾਰੀ ਹੈ। ਹਲਕੇ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸ. ਗੋਪਾਲ ਸਿੰਘ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੈਂਬਰ ਸ. ਬਲਬੀਰ ਸਿੰਘ ਨੇ ਵੀ ਪਿੰਡ ਵਿਖੇ ਪੁੱਜ ਕੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਜਾਣਕਾਰੀ ਇਕੱਤਰ ਕੀਤੀ। ਪਿੰਡ ਵਾਸੀ ਇਨ੍ਹਾਂ ਪਾਵਨ ਸਰੂਪਾਂ ਨੂੰ ਸ੍ਰੀ ਗੋਇੰਦਵਾਲ ਸਾਹਿਬ ਲੈ ਗਏ ਹਨ। ਇਲਾਕਾ ਨਿਵਾਸੀਆਂ 'ਚ ਇਸ ਘਟਨਾ ਕਾਰਨ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
 
ਮੁੰਬਈ ਹਮਲਿਆਂ ਦਾ ਮੁਕੱਦਮਾ ਅੰਤਰ ਵਿਰੋਧਾਂ 'ਚ ਫਸਿਆ : ਪਾਕਿ
Sunday, 05 September 2010
ਇਸਲਾਮਾਬਾਦ, 4 ਸਤੰਬਰ (ਰਾਜਨੀਤੀ ਯੁਗ ਬਿਉਰੋ): ਪਾਕਿਸਤਾਨ ਨੇ ਅੱਜ ਕਬੂਲਿਆ ਕਿ ਮੁੰਬਈ ਹਮਲਿਆਂ ਵਿਚ ਸ਼ਮੂਲੀਅਤ ਦੇ ਦੋਸ਼ੀ ਲਸ਼ਕਰ ਏ ਤੋਇਬਾ ਦੇ ਜ਼ਕੀ ਉਰ ਰਹਿਮਾਨ ਲਖਵੀ ਅਤੇ ਛੇ ਹੋਰਨਾਂ ਦਾ ਮੁਕੱਦਮਾ ਅੰਤਰ ਵਿਰੋਧਾਂ ਵਿਚ ਫਸ ਗਿਆ ਹੈ ਅਤੇ ਚੀਜ਼ਾਂ ਨੂੰ ਅੱਗੇ ਵਧਾਉਣ ਦੇ ਉਦੇਸ਼ ਨਾਲ ਦੋ ਮੁੱਖ ਭਾਰਤੀ ਗਵਾਹਾਂ ਦੀ ਗਵਾਹੀ ਰਿਕਾਰਡ ਕਰਨ ਲਈ ਇਕ ਕਮਿਸ਼ਨ ਦਾ ਗਠਨ ਜ਼ਰੂਰੀ ਹੈ। ਭਾਰਤੀ ਹਾਈ ਕਮਿਸ਼ਨਰ ਸ਼ਰਤ ਸੱਭਰਵਾਲ ਨਾਲ ਮੁਲਾਕਾਤ ਤੋਂ ਬਾਅਦ ਪਾਕਿਸਤਾਨ ਦੇ ਗ੍ਰਹਿ ਮੰਤਰੀ ਰਹਿਮਾਨ ਮਲਿਕ ਨੇ ਅੱਜ ਸਵੇਰੇ ਕਿਹਾ ਕਿ ਵੀਡੀਓ ਕਾਨਫਰਸਿੰਗ ਰਾਹੀਂ ਭਾਰਤੀ ਗਵਾਹਾਂ ਦੀ ਗਵਾਹੀ ਦੇ ਮੁੱਦੇ 'ਤੇ ਪਾਕਿਸਤਾਨ ਦੇ ਸ਼ੱਕੀਆਂ ਦੀ ਸੁਣਵਾਈ ਸਮੱਸਿਆਵਾਂ ਵਿਚ ਉਲਝ ਗਈ ਕਿਉਂਕਿ ਪਾਕਿਸਤਾਨੀ ਕਾਨੂੰਨ ਵਿਚ ਇਸ ਦੀ ਇਜਾਜ਼ਤ ਨਹੀਂ ਹੈ। ਗ੍ਰਹਿ ਮੰਤਰਾਲੇ ਵਿਚ ਸੱਭਰਵਾਲ ਨਾਲ ਮੁਲਾਕਾਤ ਤੋਂ ਬਾਅਦ ਮਲਿਕ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਆਪਣੇ ਭਾਰਤੀ ਹਮਰੁਤਬਾ ਪੀ. ਚਿਦੰਬਰਮ ਨਾਲ ਹਾਲ ਹੀ ਵਿਚ ਟੈਲੀਫੋਲ 'ਤੇ ਗੱਲਬਾਤ ਵਿਚ ਉਨ੍ਹਾਂ ਨੇ ਸਬੰਧਤ ਅਧਿਕਾਰੀਆਂ 'ਤੇ ਅਧਾਰਤ ਇਕ ਕਮਿਸ਼ਨ ਦੇ ਗਠਨ ਦੀ ਚਰਚਾ ਕੀਤੀ ਸੀ ਜੋ ਮੈਜਿਸਟਰੇਟ ਅਤੇ ਪੁਲਿਸ ਅਧਿਕਾਰੀ ਦਾ ਬਿਆਨ ਦਰਜ ਕਰਨ ਲਈ ਭਾਰਤ ਦੀ ਯਾਤਰਾ ਕਰੇਗਾ। ਮਲਿਕ ਨੇ ਕਿਹਾ ਕਿ ਚਿਦੰਬਰਮ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਜਦੋਂ ਉਹ ਪਾਕਿਸਤਾਨੀ ਪੇਸ਼ਕਸ਼ ਮਿਲੇਗੀ ਤਾਂ ਉਸ 'ਤੇ ਵਿਚਾਰ ਕੀਤਾ ਜਾਵੇਗਾ। ਪਾਕਿਸਤਾਨੀ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਮਾਮਲੇ ਦੀ ਸੁਣਵਾਈ ਕਰ ਰਹੀ ਅਤਿਵਾਦ ਵਿਰੋਧੀ ਪਾਕਿਸਤਾਨੀ ਅਦਾਲਤ ਨੂੰ ਹੁਣ ਵੀ ਭਾਰਤ ਦੀ ਇਸ ਪੇਸ਼ਕਸ਼ 'ਤੇ ਫੈਸਲਾ ਕਰਨਾ ਹੈ ਕਿ ਗਵਾਹਾਂ ਦੀ ਗਵਾਹੀ ਵੀਡੀਓ ਕਾਨਫਰੰਸਿੰਗ ਨਾਲ ਕਰਵਾਈ ਜਾਵੇ। ਮਲਿਕ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਇਹ ਸੁਣਵਾਈ ਅੱਗੇ ਵਧੇ। ਇਹ ਹੀ ਕਾਰਨ ਹੈ ਕਿ ਚਿਦੰਬਰਮ ਨਾਲ ਗੱਲ ਕਰਦੇ ਸਮੇਂ ਮੈਂ ਭਾਰਤ ਨੂੰ ਪੇਸ਼ਕਸ਼ ਦਿੱਤੀ ਸੀ ਕਿ ਕਿਵੇਂ ਹੋਵੇਗਾ ਜੇਕਰ ਅਸੀਂ ਮਾਮਲਾ ਆਪਣੀ ਸੁਣਵਾਈ ਅਦਾਲਤ ਵਿਚ ਵਧਾਈਏ ਅਤੇ ਅਸੀਂ ਉਨ੍ਹਾਂ ਨੂੰ ਕਿਸੇ ਕਮਿਸ਼ਨ ਦੀ ਨਿਯੁਕਤੀ ਦੀ ਅਪੀਲ ਕਰੀਏ। ਉਨ੍ਹਾਂ ਦੱਸਿਆ ਕਿ ਪਾਕਿਸਤਾਨੀ ਸਰਕਾਰ ਸੋਮਵਾਰ ਨੂੰ ਰਾਵਲਪਿੰਡੀ ਅਧਾਰਤ ਹੇਠਲੀ ਅਦਾਲਤ ਵਿਚ ਕਮਿਸ਼ਨ ਦੇ ਗਠਨ 'ਤੇ ਇਕ ਪਟੀਸ਼ਨ ਦਾਇਰ ਕਰੇਗੀ। ਭਾਰਤ ਨੇ ਪੇਸਕਸ਼ ਕੀਤੀ ਸੀਕਿ ਦੋ ਗਵਾਹਾਂ ਦੇ ਬਿਆਨ ਵੀਡੀਓ ਕਾਨਫਰੰਸਿੰਗ ਰਾਹੀਂ ਦਰਜ ਕੀਤੇ ਜਾਣ। ਇਹ ਗਵਾਹ ਹਨ ਉਹ ਮੈਜਿਸਟਰੇਟ ਜਿਸ ਨੇ ਮੁੰਬਈ ਹਮਲਿਆਂ ਦੇ ਸਿਲਸਿਲੇ ਵਿਚ ਗ੍ਰਿਫ਼ਤਾਰ ਕੀਤੇ ਇਕੋ ਇਕ ਜ਼ਿੰਦਾ ਅਤਿਵਾਦੀ ਅਜਮਲ ਕਸਾਬ ਦਾ ਇਕਬਾਲੀਆ ਬਿਆਨ ਦਰਜ ਕੀਤਾ ਸੀ ਅਤੇ ਦੂਜਾ ਉਹ ਪੁਲਿਸ ਅਧਿਕਾਰੀ ਜਿਸ ਨੇ ਮਾਮਲੇ ਦੀ ਜਾਂਚ ਕੀਤੀ ਸੀ। ਮਲਿਕ ਨੇ ਕਿਹਾ ਕਿ ਪਾਕਿਸਤਾਨੀ ਕਾਨੂੰਨ ਦੇ ਹਿਸਾਬ ਨਾਲ ਇਸਦੀ ਇਜਾਜ਼ਤ ਨਹੀਂ ਹੈ।
 
ਤਿੰਨ ਬੰਦੀ ਜਵਾਨ ਸੁਰੱਖਿਅਤ
Sunday, 05 September 2010
ਪਟਨਾ, 4 ਸਤੰਬਰ (ਰਾਜਨੀਤੀ ਯੁਗ ਬਿਉਰੋ): ਆਖਿਰਕਾਰ 36 ਘੰਟੇ ਤੋਂ ਵੱਧ ਦੀ ਚੁੱਪੀ ਤੋਂ ਬਾਅਦ ਭਾਕਪਾ ਮਾਓਵਾਦੀ ਦੇ ਬੁਲਾਰੇ ਅਵਿਨਾਸ਼ ਨੇ ਅੱਜ ਤਿੰਨੇ ਬੰਦੀ ਜਵਾਨਾਂ ਦੇ ਸੁਰੱਖਿਅਤ ਹੋਣ ਦਾ ਦਾਅਵਾ ਕੀਤਾ। ਬਿਹਾਰ ਦੇ ਲੱਖੀ ਸਰਾਏ ਜ਼ਿਲ੍ਹੇ ਦੇ ਰਾਮਟਾਲ ਨਗਰ ਪਿੰਡ ਦੇ ਕੋਲ ਬੀਤੇ 29 ਅਗਸਤ ਨੂੰ ਹੋਈ ਮੁਠਭੇੜ ਤੋਂ ਬਾਅਦ ਲਾਪਤਾ ਚਾਰ ਪੁਲਿਸ ਜਵਾਨਾਂ ਬਾਰੇ 30 ਅਗਸਤ ਦੀ ਸ਼ਾਮ ਨੂੰ ਮੀਡੀਆ ਨੂੰ ਫੋਨ ਕਰਕੇ ਅਵਿਨਾਸ਼ ਨੇ ਹੀ ਉਨ੍ਹਾਂ ਨੂੰ ਨਕਸਲੀਆਂ ਵਲੋਂ ਬੰਦੀ ਬਣਾਏ ਜਾਣ ਦੀ ਪੁਸ਼ਟੀ ਕੀਤੀ ਸੀ। ਨਕਸਲੀਆਂ ਦੀਆਂ ਗਤੀਵਿਧੀਆਂ ਬਾਰੇ ਅਵਿਨਾਸ਼ ਨੇ 2 ਸਤੰਬਰ ਦੀ ਦੇਰ ਸ਼ਾਮ ਤੱਕ ਜਾਣਕਾਰੀ ਦਿੱਤੀ, ਪਰ ਉਸ ਤੋਂ ਬਾਅਦ ਉਸ ਨੇ ਚੁੱਪ ਵੱਟ ਲਈ। ਕੱਲ੍ਹ ਸਵੇਰੇ 10 ਵਜੇ ਨਕਸਲੀਆਂ ਵਲੋਂ ਤੈਅ ਕੀਤੀ ਗਈ ਨਵੀਂ ਸਮਾਂ ਸੀਮਾ ਖਤਮ ਹੋਣ ਤੋਂ ਬਾਅਦ ਮਾਓਵਾਦੀਆਂ ਵਲੋਂ ਤਿੰਨ ਬੰਦੀਆਂ ਬਾਰੇ ਕੋਈ ਸੁਰਾਗ ਨਹੀਂ ਮਿਲ ਸਕਿਆ। ਪੁਲਿਸ ਵਲੋਂ ਵਧਾਈ ਗਈ ਤਲਾਸ਼ੀ ਮੁਹਿੰਮ ਦੇ ਚਲਦਿਆਂ ਅਵਿਨਾਸ਼ ਨੇ ਅੱਜ ਦੁਪਹਿਰ ਇਕ ਟੀ ਵੀ ਚੈਨਲ ਨੂੰ ਫੋਨ 'ਤੇ ਦੱਸਿਆ ਕਿ ਬਾਕੀ ਤਿੰਨ ਬੰਦੀ ਜਵਾਨ ਸੁਰੱਖਿਅਤ ਹਨ ਅਤੇ ਬਾਅਦ ਦੁਪਹਿਰ 4 ਵਜੇ ਉਨ੍ਹਾਂ ਦੀ ਆਵਾਜ਼ ਸੁਣਾਉਣ ਦੇ ਨਾਲ ਹੀ ਉਨ੍ਹਾਂ ਦੇ ਸਰੀਰਕ ਤੌਰ 'ਤੇ ਸੁਰੱਖਿਅਤ ਹੋਣ ਸਬੰਧੀ ਇਕ ਸੀ ਡੀ ਵੀ ਉਪਲਬਧ ਕਰਵਾਈ। ਅਵਿਨਾਸ਼ ਨੇ ਬੀਤੇ 2 ਸਤੰਬਰ ਨੂੰ ਬਾਅਦ ਦੁਪਹਿਰ 4 ਵਜੇ ਇਹ ਦਾਅਵਾ ਕੀਤਾ ਸੀ ਕਿ ਸਰਕਾਰ ਵਲੋਂ ਉਨ੍ਹਾਂ ਦੀ ਮੰਗ 'ਤੇ ਧਿਆਨ ਨਾ ਦਿੱਤੇ ਜਾਣ ਕਾਰਨ ਬੰਦੀ ਬਣਾਏ ਗਏ ਜਵਾਨਾਂ ਵਿਚੋਂ ਇਕ ਅਭੈ ਪ੍ਰਸਾਦ ਯਾਦਵ ਦੀ ਹੱਤਿਆ ਕਰ ਦਿੱਤੀ ਗਈ ਹੈ, ਪਰ ਪੁਲਿਸ ਨੂੰ ਲੱਖੀ ਸਰਾਏ ਜ਼ਿਲ੍ਹੇ ਦੇ ਚਾਨਣ ਥਾਣਾ ਖੇਤਰ ਦੇ ਸਿਮਰਾਤੱਲੀ ਕੋਰਾਸੀ ਸਥਿਤ ਇਕ ਕੱਚੀ ਸੜਕ 'ਤੇ ਇਕ ਹੋਰ ਬੰਦੀ ਪੁਲਿਸ ਜਵਾਨ ਲੁਕਸ ਟੇਟੇ ਦੀ ਲਾਸ਼ ਪਈ ਮਿਲੀ, ਪਰ ਅਭੈ ਯਾਦਵ ਸਮੇਤ ਹੋਰ ਬੰਦੀਆਂ ਬਾਰੇ ਕੋਈ ਸੁਰਾਗ ਨਹੀਂ ਮਿਲ ਰਿਹਾ ਸੀ। ਅਵਿਨਾਸ਼ ਨੇ ਤਲਾਸ਼ੀ ਮੁਹਿੰਮ ਨੂੰ ਰੋਕੇ ਜਾਣ ਦੀ ਮੰਗ ਨੂੰ ਦੋਹਰਾਉਂਦਿਆਂ ਸਰਕਾਰ ਨੂੰ ਮਾਓਵਾਦੀਆਂ ਨਾਲ ਗੱਲਬਾਤ ਕਰਨ ਨੂੰ ਕਿਹਾ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਸਰਕਾਰ ਤਲਾਸ਼ੀ ਮੁਹਿੰਮ ਬੰਦ ਕਰੇ ਅਤੇ ਤਿੰਨ ਬੰਦੀਆਂ ਦੀ ਸੁਰੱਖਿਆ ਰਿਹਾਈ ਲਈ ਗੱਲਬਾਤ ਪ੍ਰਕ੍ਰਿਆ ਵਿਚ ਤੇਜ਼ੀ ਲਿਆਂਦੀ ਜਾਵੇ।
 
ਅਕਾਲੀ ਦਲ ਬਾਦਲ ਨੇ ਲਿਆ ਲੇਹ 'ਚ ਮੁੜ ਵਸੇਬਾ ਤੇ ਰਾਹਤ ਕਾਰਜਾਂ ਦਾ ਜਾਇਜ਼ਾ
Friday, 03 September 2010
ਲੇਹ, 2 ਸਤੰਬਰ (ਰਾਜਨੀਤੀ ਯੁਗ ਬਿਉਰੋ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁਖ ਮੰਤਰੀ ਪੰਜਾਬ ਸ੍ਰ. ਸੁਖਬੀਰ ਸਿੰਘ ਬਾਦਲ ਅੱਜ ਇਥੇ ਪੰਜਾਬ ਤੋਂ ਸਾਂਸਦਾਂ ਤੇ ਵਿਧਾਇਕਾਂ ਦੇ ਇਕ ਉੱਚ ਪੱਧਰੀ ਵਫਦ ਦੀ ਅਗਵਾਈ ਕਰਦਿਆਂ ਲੇਹ ਦੇ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਦੀ 11 ਟਰੱਕਾਂ ਦੀ ਪਹਿਲੀ ਖੇਪ ਲੈ ਕੇ ਪਹੁੰਚੇ। ਸ੍ਰ. ਬਾਦਲ ਨੇ ਇਹ ਰਾਹਤ ਸਮੱਗਰੀ ਲਦਾਖ ਖੁਦਮੁਖਤਿਆਰ ਪਹਾੜੀ ਵਿਕਾਸ ਕੌਂਸਲ ਦੇ ਮੁਖ ਕਾਰਜਕਾਰੀ ਕੌਂਸਲਰ ਸ੍ਰੀ ਚੇਰਿੰਗ ਦੂਰਜੇ ਦੇ ਹਵਾਲੇ ਕੀਤੀ। ਲੇਹ ਵਿਖੇ ਹੋਈ ਵੱਡੀ ਤਬਾਹੀ ਤੋਂ ਪ੍ਰਭਾਵਤ ਹੋਏ ਉਪ ਮੁਖ ਮੰਤਰੀ ਨੇ ਇਸ ਮੌਕੇ ਪੰਜਾਬ ਸਰਕਾਰ ਵੱਲੋਂ ਪੀੜਤਾਂ ਲਈ 1 ਕਰੋੜ ਰੁਪਏ ਦੀ ਸਹਾਇਤਾ ਦਾ ਵੀ ਐਲਾਨ ਕੀਤਾ। ਪਸ਼ੂਆਂ ਲਈ ਚਾਰੇ ਦੀ ਕਮੀ ਦੇ ਮੱਦੇਨਜ਼ਰ ਸ: ਬਾਦਲ ਨੇ ਐਲਾਨ ਕੀਤਾ ਕਿ ਪੰਜਾਬ ਤੋਂ ਜਲਦੀ ਹੀ 1500 ਗੱਠਾਂ ਚਾਰਾ ਤੇ 25000 ਕੁਇੰਟਲ ਖਲ ਲੇਹ ਲਈ ਰਵਾਨਾ ਕੀਤੀ ਜਾਵੇਗੀ। ਇਸ ਮੌਕੇ ਸ: ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰਭਾਵਤ 2 ਸਿੱਖ ਪਰਿਵਾਰਾਂ ਜਿੰਨ੍ਹਾਂ ਦੀਆਂ ਦੁਕਾਨਾਂ ਹੜ੍ਹ 'ਚ ਵਹਿ ਗਈਆਂ ਸਨ, ਲਈ 5-5 ਲੱਖ ਰੁਪਏ ਦੀ ਰਾਹਤ ਦਾ ਵੀ ਐਲਾਨ ਕੀਤਾ। ਚੰਡੀਗੜ੍ਹ ਵਿਖੇ ਪੜ੍ਹ ਰਹੀ 9 ਸਾਲਾ ਬੱਚੀ ਜਿਸਦਾ ਪਰਿਵਾਰ ਇਸ ਹੜ੍ਹ 'ਚ ਆਪਣਾ ਸੱਭ ਕੁਝ ਗਵਾ ਚੁੱਕਾ ਹੈ, ਦੀ ਹਿੰਮਤ ਦੀ ਸਰਾਹਨਾ ਕਰਦਿਆਂ ਸ: ਬਾਦਲ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਇਸ ਬੱਚੀ ਨੂੰ ਗੋਦ ਲੈ ਲਵੇਗੀ ਅਤੇ ਉਸ ਦੀ ਸਾਰੀ ਪੜਾਈ ਦਾ ਖਰਚਾ ਖੁਦ ਉਠਾਵੇਗੀ। ਸ: ਬਾਦਲ ਨੇ ਇਸ ਮੌਕੇ ਗੁਰਦੁਆਰਾ ਸ੍ਰੀ ਪੱਥਰ ਸਾਹਿਬ ਦੀ ਮੁੜ ਉਸਾਰੀ ਲਈ 5 ਲੱਖ ਰੁਪਏ ਦਾ ਚੈਕ ਵੀ ਭੇਟ ਕੀਤਾ।
         ਸ: ਸੁਖਦੇਵ ਸਿੰਘ ਢੀਂਡਸਾ, ਸ: ਬਲਵਿੰਦਰ ਸਿੰਘ ਭੂੰਦੜ (ਦੋਵੇਂ ਸਾਂਸਦ), ਸ: ਬਿਕਰਮ ਸਿੰਘ ਮਜੀਠੀਆ (ਵਿਧਾਇਕ) ਅਤੇ ਮੁਖ ਮੰਤਰੀ ਦੇ ਮੀਡੀਆ ਸਲਾਹਕਾਰ ਸ੍ਰੀ ਹਰਚਰਨ ਬੈਂਸ ਨਾਲ ਇਥੇ ਪਹੁੰਚੇ ਸ: ਬਾਦਲ ਨੇ ਬੇਘਰ ਹੋਏ ਵਿਅਕਤੀਆਂ ਲਈ ਸੋਲਰ ਕਲੋਨੀ ਵਿਖੇ ਸਥਾਪਤ ਕੀਤੇ ਰਾਹਤ ਕੈਂਪ ਦਾ ਦੌਰਾ ਕੀਤਾ। ਉਨ੍ਹਾਂ ਇਸ ਮੌਕੇ ਹੜ੍ਹ ਪੀੜਤਾਂ ਨਾਲ ਦੁਖ ਸਾਂਝਾ ਕਰਦਿਆਂ ਇਸ ਕੁਦਰਤੀ ਆਫਤ ਕਾਰਨ ਉਨ੍ਹਾਂ ਨੂੰ ਪੇਸ਼ ਆਈਆਂ ਔਕੜਾਂ ਬਾਰੇ ਜਾਣਕਾਰੀ ਹਾਸਿਲ ਕੀਤੀ। ਸ: ਬਾਦਲ ਨੇ ਹੜ੍ਹ ਪੀੜਤਾਂ ਨੂੰ ਕੰਬਲ, ਜਰਸੀਆਂ, ਬਿਸਕੁਟ, ਸੁੱਕੇ ਮੇਵੇ ਤੇ ਹੋਰ ਰਾਹਤ ਸਮੱਗਰੀ ਵੀ ਵੰਡੀ। ਸ: ਬਾਦਲ ਇਸ ਮੌਕੇ ਬੱਚਿਆਂ 'ਚ ਘੁਲਮਿਲ ਗਏ ਅਤੇ ਉਨ੍ਹਾਂ ਨੂੰ ਚਾਕਲੇਟਾਂ ਤੇ ਮਿਠਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦਾ ਆਮਤੌਰ 'ਤੇ ਅਤੇ ਸਿੱਖਾਂ ਦਾ ਖਾਸ ਤੌਰ 'ਤੇ ਇਹ ਸ਼ਾਨਮੱਤਾ ਇਤਿਹਾਸ ਹੈ ਕਿ ਜਦੋਂ ਵੀ ਕਿਤੇ ਕੁਦਰਤੀ ਆਫਤ ਆਈ ਹੈ ਤਾਂ ਇਹ ਹਮੇਸ਼ਾਂ ਵੱਧ-ਚੜ੍ਹ ਕੇ ਮਦਦ ਲਈ ਪੁੱਜੇ ਹਨ ਅਤੇ ਪੰਜਾਬੀ ਉਦੋਂ ਤੋਂ ਹੀ ਆਪਣੇ ਭਰਾਵਾਂ ਲਈ ਰਾਹਤ ਪਹੁੰਚਾਉਣ ਲਈ ਅੱਡੀਆਂ ਭਾਰ ਹੋ ਗਏ ਹਨ ਜਦੋਂ ਲੇਹ ਦੇ ਵਾਸੀਆਂ ਨੂੰ ਇਸ ਕੁਦਰਤੀ ਆਫਤ ਦੀ ਮਾਰ ਝੱਲਣੀ ਪਈ। ਸ: ਬਾਦਲ ਨੇ ਕਿਹਾ ਕਿ ਲੇਹ ਲਈ ਸੜਕੀ ਆਵਾਜਾਈ ਸ਼ੁਰੂ ਹੁੰਦਿਆਂ ਹੀ ਉਨ੍ਹਾਂ ਕੈਬਨਿਟ ਮੰਤਰੀ ਸ: ਸੁੱਚਾ ਸਿੰਘ ਲੰਗਾਹ ਨੂੰ ਰਾਹਤ ਕੈਂਪਾਂ 'ਚ ਪੀੜਤਾਂ ਲਈ ਲੰਗਰ ਪਹੁੰਚਾਉਣ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਪੰਜਾਬ ਸਰਕਾਰ ਵੱਲੋਂ ਲਗਾਇਆ ਗਿਆ ਲੰਗਰ ਹੜ੍ਹ ਪੀੜਤਾਂ ਨੂੰ ਤੁਰੰਤ ਰਾਹਤ ਪਹੁੰਚਾਉਣ ਦੇ ਆਪਣੇ ਮੰਤਵ ਵਿੱਚ ਕਾਫੀ ਹੱਦ ਤੱਕ ਸਫਲ ਹੋਇਆ ਹੈ। ਸ: ਬਾਦਲ ਨੇ ਪੀੜਤਾਂ ਲਈ ਸਰਦੀਆਂ ਤੋਂ ਪਹਿਲਾਂ-ਪਹਿਲਾਂ ਲੇਹ 'ਚ ਨਿਵਾਸ ਦਾ ਪ੍ਰਬੰਧ ਕਰਨ ਲਈ ਪੰਜਾਬ ਸਰਕਾਰ ਵੱਲੋਂ ਮੁੜਉਸਾਰੀ 'ਚ ਹਰ ਸੰਭਵ ਮਦਦ ਦੀ ਵੀ ਪੇਸ਼ਕਸ਼ ਕੀਤੀ।
ਸ: ਬਾਦਲ ਨੇ ਕਿਹਾ ਕਿ ਉਹ 11 ਟਰੱਕਾਂ ਦੀ ਪਹਿਲੀ ਖੇਪ ਜਿੰਨ੍ਹਾਂ 'ਚ 8 ਟਰੱਕ ਕੰਬਲਾਂ ਦੇ, 2 ਟਰੱਕ ਜਰਸੀਆਂ ਦੇ ਅਤੇ 1 ਟਰੱਕ ਬਿਸਕੁਟਾਂ ਤੇ ਸੁੱਕੇ ਮੇਵਿਆਂ ਦਾ ਸ਼ਾਮਲ ਹੈ, ਨਾਲ ਇਥੇ ਪਹੁੰਚੇ ਹਨ ਜਦੋਂ ਕਿ ਪੰਜਾਬ ਦੇ ਵੱਖ-ਵੱਖ ਸ਼ਹਿਰ ਤੋਂ 100 ਤੋਂ ਵੱਧ ਟਰੱਕ ਰਾਹਤ ਸਮੱਗਰੀ ਲੈ ਕੇ ਲੇਹ ਪਹੁੰਚ ਰਹੇ ਹਨ। ਇਸ ਰਾਹਤ ਸਮੱਗਰੀ 'ਚ ਪਸ਼ੂਆਂ ਲਈ ਚਾਰਾ ਤੇ ਖਲ ਵੀ ਸ਼ਾਮਿਲ ਹੈ।
ਸਥਾਨਕ ਸਿੱਖ ਪਰਿਵਾਰਾਂ ਵੱਲੋਂ ਇਸ ਔਖੀ ਘੜੀ ਮੌਕੇ ਰਾਹਤ ਤੇ ਬਚਾਅ ਲਈ ਕੀਤੇ ਗਏ ਉਪਰਾਲਿਆਂ ਦੀ ਤਾਰੀਫ ਕਰਦਿਆਂ, ਸ: ਬਾਦਲ ਨੇ ਕਿਹਾ ਕਿ ਉਨ੍ਹਾਂ ਖਾਲਸਾ ਪੰਥ ਦੇ ਪਰੰਪਰਾ ਕਾਇਮ ਰੱਖਦਿਆਂ ਬਿਨ੍ਹਾਂ ਕਿਸੇ ਭੇਦਭਾਵ ਦੇ ਹਰ ਇਕ ਦੀ ਸਹਾਇਤਾ ਨੂੰ ਸਮੱਰਪਤ ਹਨ।
ਉਪ ਮੁਖ ਮੰਤਰੀ ਵੱਲੋਂ ਸੈਰ-ਸਪਾਟਾ ਮੰਤਰੀ ਸ੍ਰੀ ਨਵਾਂਗ ਰਿਜ਼ਿੰਗ ਜੋਰਾ ਅਤੇ ਸਥਾਨਕ ਪ੍ਰਸ਼ਾਸਨ ਨਾਲ ਮੀਟਿੰਗ ਕਰਕੇ ਇਹ ਵੀ ਜਾਣਿਆ ਕਿ ਇਸ ਔਖੀ ਘੜੀ ਮੌਕੇ ਪੰਜਾਬ ਉਨ੍ਹਾਂ ਦੀ ਹੋਰ ਕੀ ਸਹਾਇਤਾ ਕਰ ਸਕਦਾ ਹੈ।
ਇਸ ਉਪਰੰਤ ਸ: ਬਾਦਲ ਗੁਰਦੁਆਰਾ ਪੱਥਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਹੜ੍ਹ ਕਾਰਨ ਇਸ ਇਤਿਹਾਸਕ ਗੁਰਦੁਆਰੇ ਦੀ ਇਮਾਰਤ ਨੂੰ ਪੁੱਜੇ ਨੁਕਸਾਨ ਦਾ ਜਾਇਜ਼ਾ ਲਿਆ। ਉਨ੍ਹਾਂ ਗੁਰਦੁਆਰਾ ਸਾਹਿਬ ਦੀ ਮੁੜਉਸਾਰੀ ਲਈ 5 ਲੱਖ ਰੁਪਏ ਦਾ ਚੈੱਕ ਵੀ ਭੇਟ ਕੀਤਾ। ਇਸ ਮੌਕੇ ਗਿਆਨੀ ਅਵਤਾਰ ਸਿੰਘ ਜੀ ਵੱਲੋਂ ਉਨ੍ਹਾਂ ਨੂੰ ਸਿਰੌਪਾ ਭੇਟ ਕੀਤਾ ਗਿਆ।
ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ: ਬਾਦਲ ਨੇ ਦੱਸਿਆ ਕਿ ਵਾਦੀ 'ਚ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਨਾਉਣ ਲਈ ਰਾਜ ਦੇ ਸਿੱਖਾਂ ਦੇ ਇਕ ਵਫਦ ਅਤੇ ਜੰਮੂ-ਕਸ਼ਮੀਰ ਦੇ ਮੁਖ ਮੰਤਰੀ ਉਮਰ ਅਬਦੁੱਲ੍ਹਾ ਨਾਲ ਮੁਲਾਕਾਤ ਕਰਨ ਲਈ ਸ੍ਰੀਨਗਰ ਵੀ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਜੰਮੂ-ਕਸ਼ਮੀਰ ਦੀ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਰਾਜ 'ਚ ਵੱਸਦੇ ਸਿੱਖ ਪਰਿਵਾਰਾਂ ਦੀ ਜਾਨ-ਮਾਲ ਦੀ ਰੱਖਿਆ ਯਕੀਨੀ ਬਣਾਵੇ। ਉਨ੍ਹਾਂ ਕਿਹਾ ਕਿ ਸਿੱਖ ਸਦੀਆਂ ਤੋਂ ਜੰਮੂ-ਕਸ਼ਮੀਰ 'ਚ ਰਹਿ ਰਹੇ ਹਨ ਅਤੇ ਉਹ ਇਥੋਂ ਦੇ ਸਮਾਜ ਦਾ ਅਣਟੁੱਟ ਅੰਗ ਬਣ ਚੁੱਕੇ ਹਨ। ਸ: ਬਾਦਲ ਨੇ ਕਿਹਾ ਕਿ ਸਿੱਖਾਂ ਨੇ ਜੰਮੂ-ਕਸ਼ਮੀਰ ਦੇ ਵਿਕਾਸ 'ਚ ਅਹਿਮ ਭੂਮਿਕਾ ਅਦਾ ਕੀਤੀ ਹੈ ਅਤੇ ਉਨ੍ਹਾਂ ਨੂੰ ਇਥੋਂ ਕੱਢਣ ਲਈ ਕੀਤੀ ਜਾਣ ਵਾਲੀ ਕੋਈ ਵੀ ਕਾਰਵਾਈ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਆਤਮਹੱਤਿਆ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਸਰਕਾਰ ਲਈ ਇਹ ਜ਼ਰੂਰੀ ਹੋ ਗਿਆ ਹੈ ਕਿ ਇਹ ਸਿੱਖਾਂ ਦੀ ਜਾਨ-ਮਾਲ ਦੀ ਰਾਖੀ ਲਈ ਲੋੜੀਂਦੇ ਕਦਮ ਪੁੱਟੇ ਅਤੇ ਸਮਾਜ ਵਿਰੋਧੀ ਅਨਸਰਾਂ ਦੀਆਂ ਚਾਲਾਂ ਨੂੰ ਨਾਕਾਮ ਕਰ ਦੇਣ। ਉਪ ਮੁਖ ਮੰਤਰੀ ਨੇ ਦੱਸਿਆ ਕਿ ਜੰਮੂ-ਕਸ਼ਮੀਰ ਦੀਆਂ ਕੁਝ ਸ਼ਰਾਰਤੀ ਜਥੇਬੰਦੀਆਂ ਵੱਲੋਂ ਧਮਕੀਆਂ ਦਿੱਤੇ ਜਾਣ ਕਾਰਨ ਬਹਾਦਰ ਤੇ ਦੇਸ਼ਭਗਤ ਸਿੱਖ ਕੌਮ ਦੇ ਮੈਂਬਰਾਂ ਦੇ ਮਨਾ 'ਚ ਰੋਸ ਤੇ ਚਿੰਤਾ ਦੇ ਆਲਮ ਪ੍ਰਤੀ ਧਿਆਨ ਦਿਵਾਉਣ ਵਾਸਤੇ ਉਹ ਮੁਖ ਮੰਤਰੀ ਜਨਾਬ ਉਮਰ ਅਬਦੁੱਲ੍ਹਾ ਨੂੰ ਇਕ ਮੈਮੋਰੰਡਮ ਸੌਂਪਣਗੇ। ਸ: ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਕੁਝ ਜਥੇਬੰਦੀਆਂ ਵੱਲੋਂ ਧਮਕੀ ਭਰੇ ਪਰਚੇ ਵੰਡੇ ਗਏ ਹਨ ਕਿ ਜਾਂ ਤਾਂ ਸਿੱਖ ਜੰਮੂ-ਕਸ਼ਮੀਰ ਛੱਡ ਦੇਣ ਜਾਂ ਇਸਲਾਮ ਕਬੂਲ ਕਰ ਲੈਣ।
ਸ: ਬਾਦਲ ਨੇ ਕਿਹਾ ਕਿ ਸਿੱਖ ਜੰਮੂ-ਕਸ਼ਮੀਰ 'ਚ ਮੁਸਲਿਮ ਭਾਈਚਾਰੇ ਸਮੇਤ ਹੋਰ ਸਾਰੇ ਭਾਈਚਾਰਿਆਂ ਨਾਲ ਬੜਾ ਹੀ ਸ਼ਾਂਤਮਈ ਜੀਵਨ ਜਿਊ ਰਹੇ ਹਨ। ਉਨ੍ਹਾਂ ਦੇ ਰਿਸ਼ਤੇ ਦੀ ਮਜ਼ਬੂਤੀ ਤੇ ਸਾਂਝ ਸੂਫੀ ਸੰਤਾਂ ਦੇ ਸਮੇਂ ਤੋਂ ਹੈ ਅਤੇ ਨਾ ਹੀ ਉਨ੍ਹਾਂ ਵਾਦੀ 'ਚ ਵੱਸਦੇ ਕਿਸੇ ਵੀ ਭਾਈਚਾਰੇ ਪ੍ਰਤੀ ਕਦੀ ਮੰਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਦੇ ਮੱਦੇਨਜ਼ਰ ਕਿ ਕੁਝ ਅਨਸਰ ਸ਼ਾਂਤੀ ਤੇ ਸਮਾਜਕ ਭਾਈਚਾਰੇ ਨੂੰ ਤਾਰ-ਤਾਰ ਕਰਨ ਲਈ ਖਤਰਨਾਕ ਕਾਰਵਾਈਆਂ 'ਚ ਜੁਟੇ ਹਨ, ਧਰਮ ਤਬਦੀਲ ਕਰਨ ਦੀਆਂ ਧਮਕੀਆਂ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਅਨਸਰਾਂ ਦਾ ਇਕੋ-ਇਕ ਮੰਤਵ ਸੂਬੇ ਅੰਦਰ ਧਾਰਮਕ ਤੇ ਸਮਾਜਕ ਸਾਂਝ ਨੂੰ ਖਤਮ ਕਰਨਾ ਹੈ। ਸ: ਬਾਦਲ ਨੇ ਕਿਹਾ ਕਿ ਸਮਾਜਕ ਤੇ ਧਾਰਮਕ ਭਾਈਚਾਰੇ ਲਈ ਇਨ੍ਹਾਂ ਅਨਸਰਾਂ ਦੁਆਰਾ ਪੈਦਾ ਕੀਤੇ ਗਏ ਖਤਰੇ ਨੂੰ ਗੰਭੀਰਤਾ ਨਾਲ ਨਿਜਿੱਠਣ ਦੀ ਲੋੜ ਹੈ। ਇਹ ਮੁੱਦਾ ਸਿਰਫ ਅਮਨ ਤੇ ਕਾਨੂੰਨ ਦੇ ਸਾਧਾਰਨ ਮਸਲੇ ਤੋਂ ਕਿਤੇ ਵੱਧ ਜਾਪਦਾ ਹੈ ਕਿਉਂਕਿ ਇਸ ਪਿੱਛੇ ਭਾਰਤ ਦੀ ਸ਼ਾਂਤੀ ਤੇ ਸਥਿਰਤਾ ਨੂੰ ਭੰਗ ਕਰਨ 'ਚ ਜੁਟੀਆਂ ਤਾਕਤਾਂ ਦਾ ਹੱਥ ਹੋਣ ਦਾ ਅੰਦੇਸ਼ਾ ਹੈ। ਇਸ ਲਈ ਸਮੇਂ ਦੀ ਲੋੜ ਹੈ ਕਿ ਰਾਜ ਸਰਕਾਰ ਇਸ ਦਾ ਲੋੜੀਂਦਾ ਜਵਾਬ ਦੇਵੇ। ਸ: ਬਾਦਲ ਨੇ ਕਿਹਾ ਕਿ ਉਹ ਇਹੀ ਮੰਗ ਕਰ ਰਹੇ ਹਨ ਕਿ ਜੰਮੂ-ਕਸ਼ਮੀਰ ਸਰਕਾਰ ਅਸਰਦਾਰ ਕਦਮ ਪੁੱਟੇ ਤਾਂ ਕਿ ਰਾਜ 'ਚ ਵੱਸਦੇ ਸਿੱਖਾਂ ਦੇ ਮਨਾ 'ਚ ਸੁਰੱਖਿਅਤ ਹੋਣ ਦੀ ਭਾਵਨਾ ਮੁੜ ਬਹਾਲ ਹੋ ਸਕੇ।
 
ਕਾਂਗਰਸ ਸੋਨੀਆ ਗਾਂਧੀ ਦੀ ਮੁੜ ਤਾਜਪੋਸ਼ੀ ਲਈ ਤਿਆਰ
Friday, 03 September 2010
ਨਵੀਂ ਦਿੱਲੀ, 2 ਸਤੰਬਰ (ਰਾਜਨੀਤੀ ਯੁਗ ਬਿਉਰੋ): ਕਾਂਗਰਸ ਮੁਖੀ ਵਜੋਂ ਸੋਨੀਆ ਗਾਂਧੀ ਦੀ ਮੁੜ ਨਿਯੁਕਤੀ ਦੀ ਪ੍ਰਕਿਰਿਆ ਅੱਜ ਸ਼ੁਰੂ ਹੋ ਗਈ ਅਤੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਪਾਰਟੀ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਸਮੇਤ ਕਈ ਪ੍ਰਮੁੱਖ ਆਗੂਆਂ ਨੇ ਇਸ ਉਚ ਅਹੁਦੇ ਲਈ ਸੋਨੀਆ ਗਾਂਧੀ ਦਾ ਨਾਂ ਪੇਸ਼ ਕੀਤਾ। ਸੋਨੀਆ ਦਾ ਨਾਂ ਪੇਸ਼ ਕਰਨ ਵਾਲਿਆਂ ਵਿਚ ਦਿੱਲੀ, ਹਰਿਆਣਾ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਕ੍ਰਮਵਾਰ ਸ਼ੀਲਾ ਦੀਕਸ਼ਿਤ, ਭੁਪਿੰਦਰ ਸਿੰਘ ਹੁੱਡਾ ਅਤੇ ਅਸ਼ੋਕ ਗਹਿਲੋਤ ਦੇ ਨਾਲ-ਨਾਲ ਕਈ ਪ੍ਰਮੁੱਖ ਆਗੂ ਅਤੇ ਕੇਂਦਰੀ ਮੰਤਰੀ ਸ਼ਾਮਲ ਹਨ। ਨਾਮਜ਼ਦਗੀ ਪੱਤਰ ਪਾਰਟੀ ਦੀ ਕੇਂਦਰੀ ਚੋਣ ਅਥਾਰਟੀ ਦੇ ਪ੍ਰਧਾਨ ਆਸਕਰ ਫਰਨਾਂਡਿਸ ਨੂੰ ਸੌਂਪੇ ਗਏ। ਫਰਨਾਂਡਿਸ ਇਸ ਚੋਣ ਲਈ ਚੋਣ ਅਧਿਕਾਰੀ ਹਨ। ਇਸ ਤੋਂ ਪਹਿਲਾਂ ਡਾ. ਮਨਮੋਹਨ ਸਿੰਘ, ਪ੍ਰਣਬ ਮੁਖਰਜੀ ਅਤੇ ਰਾਹੁਲ ਗਾਂਧੀ ਨੇ ਨਵੀਂ ਦਿੱਲੀ ਵਿਚ 10 ਜਨਪਥ ਵਿਚ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਅਤੇ ਪ੍ਰਧਾਨ ਦੀ ਉਮੀਦਵਾਰੀ ਲਈ ਉਨ੍ਹਾਂ ਦੀ ਮਨਜ਼ੂਰੀ ਪ੍ਰਾਪਤ ਕੀਤੀ। ਕੇਂਦਰੀ ਮੰਤਰੀ ਆਰ. ਪੀ. ਐਨ. ਸਿੰਘ ਨੇ ਕਿਹਾ ਕਿ ਪਾਰਟੀ ਲੋਕਤੰਤਰੀ ਪ੍ਰਕਿਰਿਆ 'ਚ ਭਰੋਸਾ ਰੱਖਦੀ ਹੈ ਅਤੇ ਕਾਂਗਰਸ ਪ੍ਰਧਾਨ ਅਹੁਦੇ ਦੀ ਚੋਣ ਉਸ ਪ੍ਰਕਿਰਿਆ ਨੂੰ ਅੱਗੇ ਵਧਾ ਰਹੀ ਹੈ। ਉਨ੍ਹਾਂ ਕਿਹਾ ਕਿ ਸੋਨੀਆ ਗਾਂਧੀ ਨੇ ਪਾਰਟੀ ਦੀ ਵਾਗਡੋਰ ਉਸ ਸਮੇਂ ਸੰਭਾਲੀ ਜਦੋਂ ਪਾਰਟੀ ਨਿਵਾਣ ਵੱਲ ਸੀ। 
                        ਉਸ ਤੋਂ ਬਾਅਦ ਕਾਂਗਰਸ ਦੀ ਯਾਤਰਾ ਸ਼ਾਨਦਾਰ ਰਹੀ। ਕਾਂਗਰਸ ਪ੍ਰਧਾਨ ਅਹੁਦੇ ਦੀ ਚੋਣ ਲਈ ਨਾਮਜ਼ਦਗੀ ਦਾਖ਼ਲ ਕਰਨ ਦਾ ਅੱਜ ਆਖ਼ਰੀ ਦਿਨ ਸੀ ਅਤੇ 63 ਸਾਲਾ ਸੋਨੀਆ ਗਾਂਧੀ ਦਾ ਇਸ ਉਚ ਅਹੁਦੇ ਲਈ ਨਿਰਵਿਰੋਧ ਚੁਣਿਆ ਜਾਣਾ ਮਹਿਜ਼ ਰਸਮ ਹੀ ਰਹਿ ਗਈ ਹੈ। ਨਾਮਜ਼ਦਗੀ ਪੱਤਰਾਂ ਦੀ ਜਾਂਚ 3 ਸਤੰਬਰ ਨੂੰ ਹੋਵੇਗਾ ਅਤੇ 10 ਸਤੰਬਰ ਤੱਕ ਨਾ ਵਾਪਸ ਲਏ ਜਾਣਗੇ ਜੇਕਰ ਜ਼ਰੂਰੀ ਹੋਇਆ ਤਾਂ 17 ਸਤੰਬਰ ਨੂੰ ਵੋਟਿੰਗ ਹੋਵੇਗੀ ਅਤੇ 21 ਸਤੰਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ। ਇਹੀ ਪ੍ਰੋਗਰਾਮ ਵੱਖ ਵੱਖ ਸੂਬਿਆਂ 'ਚ ਪ੍ਰਦੇਸ਼ ਪ੍ਰਧਾਨਾਂ ਦੀ ਚੋਣ ਦਾ ਵੀ ਹੋਵੇਗਾ।
 

Advertisements

E-Magazine

Bookmark Us



Polls

ਤੁਸੀ ਇਸ ਵੈੱਬਸਾਈਟ ਨੂੰ ਇਵੇਂ ਪਸੰਦ ਕਰਦੇ ਹੋ
 

Advertisements

Who's Online


Copyright © 2008 - 2009 RajneetiYug.com Design By :: Mehra Media